ਚੰਡੀਗੜ੍ਹ ( ਜਸਟਿਸ ਨਿਊਜ਼ )
ਸੰਚਾਰ ਮੰਤਰਾਲੇ, ਦੂਰਸੰਚਾਰ ਵਿਭਾਗ, ਭਾਰਤ ਸਰਕਾਰ ਦੇ ਚੰਡੀਗੜ੍ਹ ਸਥਿਤ ਖੇਤਰੀ ਦਫਤਰ ਕੰਟਰੋਲਰ ਸੰਚਾਰ ਲੇਖਾ (ਸੀਸੀਏ), ਪੰਜਾਬ ਦੂਰਸੰਚਾਰ ਪਰਿਮੰਡਲ ਨੇ ਆਪਣੀ ਰਜਤ ਜਯੰਤੀ ਮਨਾਈ, ਜੋ ਸੰਸਥਾ ਦੀ 25 ਸਾਲਾਂ ਦੀ ਸਮਰਪਿਤ ਸੇਵਾ ਅਤੇ ਸੰਸਥਾਗਤ ਉੱਤਮਤਾ ਦਾ ਪ੍ਰਤੀਕ ਹੈ।
ਇਸ ਮੌਕੇ ‘ਤੇ ਪ੍ਰੋਗਰਾਮ ਦੀ ਮੁੱਖ ਮਹਿਮਾਨ ਵਜੋਂ ਮਾਨਯੋਗ ਮਹਾਨਿਯੰਤਰਕ ਸੰਚਾਰ ਲੇਖਾ (ਸੀਜੀਸੀਏ), ਭਾਰਤ ਸਰਕਾਰ, ਸ੍ਰੀਮਤੀ ਵੰਦਨਾ ਗੁਪਤਾ ਦੀ ਸਤਿਕਾਰਯੋਗ ਹਾਜ਼ਰੀ ਰਹੀ। ਸਮਾਰੋਹ ਵਿੱਚ ਭਾਰਤ ਸਰਕਾਰ ਦੇ ਚੰਡੀਗੜ੍ਹ ਸਥਿਤ ਵੱਖ-ਵੱਖ ਦਫਤਰਾਂ ਦੇ ਸੀਨੀਅਰ ਅਧਿਕਾਰੀ, ਐਡੀਸ਼ਨਲ ਮਹਾਨਿਰਦੇਸ਼ਕ (ਦੂਰਸੰਚਾਰ ਵਿਭਾਗ), ਭਾਰਤ ਸੰਚਾਰ ਨਿਗਮ ਲਿਮਿਟੇਡ (ਬੀਐੱਸਐੱਨਐੱਲ), ਪੰਜਾਬ ਪਰਿਮੰਡਲ, ਪੰਜਾਬ ਸਰਕਾਰ ਦੇ ਨੁਮਾਇੰਦੇ, ਵਿਭਾਗੀ ਪੈਨਸ਼ਨਰ/ਪਰਿਵਾਰਕ ਪੈਨਸ਼ਨਰ, ਕਰਮਚਾਰੀ ਮੈਂਬਰ ਅਤੇ ਹੋਰ ਸਟੇਕਹੋਲਡਰ ਜਿਵੇਂ ਕਿ ਦੂਰਸੰਚਾਰ ਸੇਵਾ ਪ੍ਰਦਾਤਾ ਅਤੇ ਇੰਟਰਨੈੱਟ ਸੇਵਾ ਪ੍ਰਦਾਤਾ ਹਾਜ਼ਰ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸ੍ਰੀ ਵਿਜੇਂਦਰ ਨਾਰਾਇਣ ਟੰਡਨ, ਕੰਟਰੋਲਰ ਸੰਚਾਰ ਲੇਖਾ, ਪੰਜਾਬ ਨੇ ਮੁੱਖ ਮਹਿਮਾਨ ਮਾਨਯੋਗ ਮਹਾਨਿਯੰਤਰਕ ਸੰਚਾਰ ਲੇਖਾ ਸ੍ਰੀਮਤੀ ਵੰਦਨਾ ਗੁਪਤਾ, ਸ਼੍ਰੀ ਅਜੈ ਕੁਮਾਰ ਕਰਾਰਹਾ, ਮੁੱਖ ਮਹਾਪ੍ਰਬੰਧਕ ਦੂਰਸੰਚਾਰ ਸਮੇਤ ਹੋਰ ਸੀਨੀਅਰ ਅਧਿਕਾਰੀਆਂ, ਬੀਐੱਸਐੱਨਐੱਲ ਨੁਮਾਇੰਦਿਆਂ, ਪੈਨਸ਼ਨਰਾਂ ਅਤੇ ਸੇਵਾ ਪ੍ਰਦਾਤਾਵਾਂ ਦਾ ਸਵਾਗਤ ਕੀਤਾ।
ਆਪਣੇ ਉਦਘਾਟਨੀ ਸੰਬੋਧਨ ਵਿੱਚ ਮਾਨਯੋਗ ਮਹਾਨਿਯੰਤਰਕ ਸੰਚਾਰ ਲੇਖਾ, ਭਾਰਤ ਸਰਕਾਰ, ਸ੍ਰੀਮਤੀ ਵੰਦਨਾ ਗੁਪਤਾ ਨੇ ਸਾਲ 2000 ਵਿੱਚ ਦਫਤਰ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੀਆਂ ਪ੍ਰਾਪਤੀਆਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਸੰਗਠਨ ਦੀ ਪ੍ਰਗਤੀ ਯਾਤਰਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸੀਸੀਏ ਦਫਤਰਾਂ ਨੇ ਪਿਛਲੇ 25 ਸਾਲਾਂ ਵਿੱਚ ਨੀਤੀ ਲਾਗੂ ਕਰਨ, ਪੈਨਸ਼ਨਰਾਂ ਦੀ ਭਲਾਈ ਅਤੇ ਜਵਾਬਦੇਹੀ ਦੇ ਖੇਤਰ ਵਿੱਚ ਉੱਤਮ ਕਾਰਜ ਕੀਤਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੀਸੀਏ ਦਫਤਰਾਂ ਨੇ ਹਮੇਸ਼ਾ ਉੱਤਮਤਾ, ਪਾਰਦਰਸ਼ਿਤਾ ਅਤੇ ਨਵੀਨਤਾ ਨੂੰ ਆਪਣੀ ਕਾਰਜ ਸੰਸਕ੍ਰਿਤੀ ਦਾ ਹਿੱਸਾ ਬਣਾਇਆ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਲ 2018 ਵਿੱਚ ਦੂਰਸੰਚਾਰ ਵਿਭਾਗ ਨੇ “ਸੰਪੰਨ (SAMPANN)”, ਯਾਨੀ “ਪੈਨਸ਼ਨ ਦੇ ਲੇਖਾ ਅਤੇ ਪ੍ਰਬੰਧਨ ਲਈ ਪ੍ਰਣਾਲੀ” ਨਾਮਕ ਸਾਫਟਵੇਅਰ ਲਾਂਚ ਕੀਤਾ ਸੀ, ਜਿਸ ਦੇ ਮਾਧਿਅਮ ਨਾਲ ਪੈਨਸ਼ਨ ਵੰਡ ਦੀ ਪ੍ਰਕਿਰਿਆ ਹੋਰ ਸੁਚਾਰੂ, ਪਾਰਦਰਸ਼ੀ ਅਤੇ ਪ੍ਰਭਾਵੀ ਬਣੀ। ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਜਲਦੀ ਹੀ “ਸੰਪੰਨ 2 (SAMPANN 2)” ਸ਼ੁਰੂ ਕੀਤਾ ਜਾਵੇਗਾ, ਜੋ ਪੈਨਸ਼ਨ ਵੰਡ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਏਗਾ।
ਮਾਨਯੋਗ ਮਹਾਨਿਯੰਤਰਕ ਸੰਚਾਰ ਲੇਖਾ ਨੇ ਕੰਟਰੋਲਰ ਸੰਚਾਰ ਲੇਖਾ, ਪੰਜਾਬ ਦਫਤਰ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਦਫਤਰ ਪੈਨਸ਼ਨ ਵੰਡ ਵਿੱਚ ਸਮੇਂਬੱਧਤਾ, ਪਾਰਦਰਸ਼ਿਤਾ ਅਤੇ ਕੁਸ਼ਲਤਾ ਦਾ ਉੱਤਮ ਉਦਾਹਰਣ ਪੇਸ਼ ਕਰ ਰਿਹਾ ਹੈ।
ਸ੍ਰੀ ਅਜੈ ਕੁਮਾਰ ਕਰਾਰਹਾ, ਮੁੱਖ ਮਹਾਪ੍ਰਬੰਧਕ ਦੂਰਸੰਚਾਰ, ਨੇ ਆਪਣੇ ਸੰਬੋਧਨ ਵਿੱਚ ਵਿਭਾਗੀ ਏਕਤਾ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹੋਏ ਸੀਸੀਏ ਪੰਜਾਬ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਦਫਤਰ ਨਿਰੰਤਰ ਨਵੀਆਂ ਉਚਾਈਆਂ ਪ੍ਰਾਪਤ ਕਰ ਰਿਹਾ ਹੈ।
ਰਜਤ ਜਯੰਤੀ ਸਮਾਰੋਹ ਦੌਰਾਨ ਰਾਜ ਦੀਆਂ ਵੱਖ-ਵੱਖ ਪੈਨਸ਼ ਸੰਗਠਨਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਪਿਛਲੇ 25 ਸਾਲਾਂ ਦੀਆਂ ਪ੍ਰਾਪਤੀਆਂ, ਤਸਵੀਰਾਂ ਅਤੇ ਪ੍ਰੇਰਣਾਦਾਇਕ ਕਹਾਣੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਵੀਡੀਓ ਪੇਸ਼ਕਾਰੀ ਵੀ ਦਿਖਾਈ ਗਈ।
ਪੈਨਸ਼ਨਰਾਂ ਦੇ ਹਿੱਤ ਵਿੱਚ ਕਲਿਆਣਕਾਰੀ ਸਟਾਲ ਵੀ ਲਗਾਏ ਗਏ, ਜਿਨ੍ਹਾਂ ਵਿੱਚ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ, ਮੁਫਤ ਸਿਹਤ ਜਾਂਚ, ਅਤੇ ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ, ਇੰਡੀਆ ਪੋਸਟ ਪੇਮੈਂਟ ਬੈਂਕ, ਪੋਸਟਲ ਲਾਈਫ ਇੰਸ਼ੋਰੈਂਸ, ਮਾਈ ਸਟੈਂਪ (ਡਾਕ ਵਿਭਾਗ) ਅਤੇ ਲਿਵਾਸਾ ਹਸਪਤਾਲ, ਮੋਹਾਲੀ ਵੱਲੋਂ ਜਾਗਰੂਕਤਾ ਸਟਾਲ ਸ਼ਾਮਲ ਸਨ। ਇਸ ਤੋਂ ਇਲਾਵਾ, ਯੂ.ਟੀ. ਚੰਡੀਗੜ੍ਹ ਦੇ ਵਨ ਵਿਭਾਗ ਦੇ ਸਹਿਯੋਗ ਨਾਲ ਮਾਨਯੋਗ ਪ੍ਰਧਾਨ ਮੰਤਰੀ ਦੇ ਸੰਦੇਸ਼ “ਏਕ ਪੇੜ ਮਾਂ ਕੇ ਨਾਮ” ਦੇ ਤਹਿਤ ਪੈਨਸ਼ਨਰਾਂ ਨੂੰ ਪੌਦੇ ਵੰਡੇ ਗਏ।
ਪ੍ਰੋਗਰਾਮ ਦਾ ਸਮਾਪਨ ਸੰਯੁਕਤ ਕੰਟਰੋਲਰ ਸੰਚਾਰ ਲੇਖਾ ਡਾ. ਮਨਦੀਪ ਸਿੰਘ ਵੱਲੋਂ ਪੇਸ਼ ਕੀਤੇ ਗਏ ਧੰਨਵਾਦ ਪ੍ਰਸਤਾਵ ਨਾਲ ਹੋਇਆ। ਉਨ੍ਹਾਂ ਨੇ ਸਾਰੇ ਮਾਨਯੋਗ ਮਹਿਮਾਨਾਂ, ਭਾਗੀਦਾਰਾਂ ਅਤੇ ਆਯੋਜਨ ਸਮਿਤੀ ਦੇ ਮੈਂਬਰਾਂ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਅਤੇ ਰਜਤ ਜਯੰਤੀ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸਰਾਹਨਾ ਕੀਤੀ।
Leave a Reply